Skip to main content
Back to News & Schemes

Rupinder Kaur: ਮਿੱਟੀ ਨਾਲ ਜੁੜੀ ਇੱਕ ਮਹਿਲਾ ਦੀ ਸੰਘਰਸ਼ਮਈ ਕਹਾਣੀ, ਜੋ ਬਣੀ ਹਜ਼ਾਰਾਂ ਔਰਤਾਂ ਲਈ ਪ੍ਰੇਰਣਾ

Krishi Jagran Punjabi4 min read

ਰੁਪਿੰਦਰ ਕੌਰ ਦੀ ਸੰਘਰਸ਼ਮਈ ਕਹਾਣੀ ਹਰ ਉਸ ਮਹਿਲਾ ਲਈ ਇੱਕ ਸੰਦੇਸ਼ ਹੈ ਜੋ ਆਪਣੇ ਅੰਦਰ ਇੱਕ ਸੁਪਨਾ ਰੱਖਦੀ ਹੈ -…

Punjab Dairy Farmer: ਪੰਜਾਬ ਦੀ ਮਿੱਟੀ ਵਿੱਚ ਇੱਕ ਅਜਿਹਾ ਜਾਦੂ ਵੱਸਦਾ ਹੈ, ਜੋ ਮਿਹਨਤ ਕਰਨ ਵਾਲਿਆਂ ਨੂੰ ਕਦੇ ਨਿਰਾਸ਼ ਨਹੀਂ ਕਰਦਾ। ਇਹ ਮਿੱਟੀ ਸਿਰਫ਼ ਅੰਨ ਹੀ ਨਹੀਂ ਪੈਦਾ ਕਰਦੀ, ਸਗੋਂ ਸੁਪਨਿਆਂ ਨੂੰ ਵੀ ਜਨਮ ਦਿੰਦੀ ਹੈ।

ਇਨ੍ਹਾਂ ਹੀ ਸੁਪਨਿਆਂ ਨੂੰ ਆਪਣੀ ਹਕੀਕਤ ਬਣਾਉਣ ਵਾਲੀਆਂ ਔਰਤਾਂ ਵਿੱਚੋਂ ਇੱਕ ਨਾਮ ਹੈ ਰੁਪਿੰਦਰ ਕੌਰ। ਇੱਕ ਸਧਾਰਣ ਘਰੇਲੂ ਮਹਿਲਾ ਤੋਂ ਸਫਲ ਡੇਅਰੀ ਉੱਦਮੀ ਬਣਨ ਤੱਕ ਦਾ ਉਸਦਾ ਸਫਰ ਸਿਰਫ਼ ਕਾਮਯਾਬੀ ਦੀ ਕਹਾਣੀ ਨਹੀਂ, ਸਗੋਂ ਹੌਸਲੇ, ਸੰਘਰਸ਼ ਅਤੇ ਅਟੁੱਟ ਵਿਸ਼ਵਾਸ ਦੀ ਜੀਵੰਤ ਮਿਸਾਲ ਹੈ।

ਰੁਪਿੰਦਰ ਕੌਰ, ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਦੀ ਵਸਨੀਕ, ਇੱਕ ਅਜਿਹੇ ਪਰਿਵਾਰ ਨਾਲ ਸੰਬੰਧਿਤ ਹੈ ਜਿੱਥੇ ਖੇਤੀਬਾੜੀ ਜੀਵਨ ਦਾ ਅਟੁੱਟ ਹਿੱਸਾ ਹੈ। ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕੀਤੀ। ਜੀਵਨ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਸੀ, ਪਰ ਉਸਦੇ ਦਿਲ ਵਿੱਚ ਕਿਤੇ ਨਾ ਕਿਤੇ ਇੱਕ ਖ਼ਾਲੀਪਨ ਸੀ - ਕੁਝ ਵੱਡਾ ਕਰਨ ਦਾ ਸੁਪਨਾ, ਆਪਣੀ ਪਛਾਣ ਬਣਾਉਣ ਦੀ ਤਲਬ। ਵਿਦੇਸ਼ ਜਾਣ ਦਾ ਮੌਕਾ ਉਸਦੀ ਸੋਚ ਨੂੰ ਨਵਾਂ ਆਕਾਸ਼ ਦੇ ਗਿਆ। ਉੱਥੇ ਉਸਨੇ ਦੇਖਿਆ ਕਿ ਕਿਵੇਂ ਹਰ ਇੱਕ ਇਨਸਾਨ ਆਪਣੀ ਮਿਹਨਤ ਨਾਲ ਆਪਣੀ ਜ਼ਿੰਦਗੀ ਨੂੰ ਸੰਵਾਰ ਰਿਹਾ ਹੈ। ਇਹ ਦ੍ਰਿਸ਼ ਉਸਦੇ ਮਨ ਵਿੱਚ ਇੱਕ ਚਿੰਗਾਰੀ ਬਣ ਗਿਆ - "ਜੇ ਉਹ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ?"

ਭਾਰਤ ਵਾਪਸ ਆ ਕੇ ਉਸਨੇ ਆਪਣੇ ਦਿਲ ਦੀ ਗੱਲ ਪਰਿਵਾਰ ਨਾਲ ਸਾਂਝੀ ਕੀਤੀ। ਸ਼ੁਰੂ ਵਿੱਚ ਕੁਝ ਲੋਕਾਂ ਨੇ ਉਸਦੇ ਸੁਪਨੇ ਨੂੰ ਹਲਕੇ ਵਿੱਚ ਲਿਆ, ਕੁਝ ਨੇ ਸਵਾਲ ਕੀਤੇ - "ਇੱਕ ਔਰਤ ਡੇਅਰੀ ਫਾਰਮਿੰਗ ਕਿਵੇਂ ਸੰਭਾਲੇਗੀ?" ਪਰ ਉਸਦੇ ਪਰਿਵਾਰ ਨੇ ਉਸਦਾ ਪੂਰਾ ਸਾਥ ਦਿੱਤਾ ਅਤੇ ਇਹੀ ਸਹਿਯੋਗ ਉਸਦੀ ਤਾਕਤ ਬਣ ਗਿਆ। ਸਾਲ 2013 ਵਿੱਚ ਉਸਨੇ ਸਿਰਫ਼ 27 ਵੱਛੀਆਂ ਅਤੇ ਕੱਟੀਆਂ ਨਾਲ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਉਹ ਦਿਨ ਉਸਦੇ ਲਈ ਆਸਾਨ ਨਹੀਂ ਸਨ - ਸਵੇਰੇ ਤੜਕੇ ਉੱਠਣਾ, ਪਸ਼ੂਆਂ ਦੀ ਦੇਖਭਾਲ, ਘਰ ਦੀਆਂ ਜ਼ਿੰਮੇਵਾਰੀਆਂ ਅਤੇ ਸਮਾਜ ਦੇ ਤਾਣੇ - ਇਹ ਸਭ ਕੁਝ ਉਸਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ। ਕਈ ਵਾਰ ਥਕਾਵਟ ਉਸਦੇ ਚਿਹਰੇ ‘ਤੇ ਦਿਖਾਈ ਦਿੰਦੀ, ਪਰ ਉਸਦੇ ਸੁਪਨੇ ਕਦੇ ਥੱਕੇ ਨਹੀਂ।

ਹੌਲੀ-ਹੌਲੀ ਉਸਦੀ ਮਿਹਨਤ ਰੰਗ ਲਿਆਉਣ ਲੱਗੀ। ਅੱਜ 2026 ਵਿੱਚ ਉਸਦਾ ਡੇਅਰੀ ਫਾਰਮ ਇੱਕ ਸਫਲ ਮਾਡਲ ਬਣ ਚੁੱਕਾ ਹੈ, ਜਿੱਥੇ 73 ਪਸ਼ੂਆਂ ਦੀ ਸੰਭਾਲ ਕੀਤੀ ਜਾਂਦੀ ਹੈ। ਨੀਲੀ ਰਾਵੀ, ਹੋਲਸਟਾਈਨ ਫ੍ਰੀਜ਼ੀਅਨ ਅਤੇ ਮੁਰ੍ਹਾ ਵਰਗੀਆਂ ਉੱਚ ਨਸਲਾਂ ਦੇ ਪਸ਼ੂ ਉਸਦੀ ਲਗਨ ਅਤੇ ਸਮਝਦਾਰੀ ਦਾ ਨਤੀਜਾ ਹਨ। ਉਹ ਹਰ ਪਸ਼ੂ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਸਾਂਭਦੀ ਹੈ - ਉਨ੍ਹਾਂ ਦੀ ਖੁਰਾਕ, ਸਿਹਤ ਅਤੇ ਆਰਾਮ ਦਾ ਖਾਸ ਧਿਆਨ ਰੱਖਦੀ ਹੈ। ਸਰਦੀਆਂ ਵਿੱਚ ਬਰਸੀਮ ਅਤੇ ਗਰਮੀਆਂ ਵਿੱਚ ਬਾਜਰਾ ਚਰੀ ਨਾਲ ਸੰਤੁਲਿਤ ਖੁਰਾਕ ਦੇ ਕੇ ਉਹ ਇਹ ਯਕੀਨੀ ਬਣਾਉਂਦੀ ਹੈ ਕਿ ਪਸ਼ੂ ਤੰਦਰੁਸਤ ਰਹਿਣ ਅਤੇ ਵਧੀਆ ਉਤਪਾਦਨ ਦੇਣ।

ਇਹ ਵੀ ਪੜੋ: ਬਹੁਭਾਂਤੀ ਖੇਤੀ ਨੂੰ ਸਮੇਂ ਦੀ ਲੋੜ ਸਮਝਣ ਵਾਲਾ ਸੂਝਵਾਨ ਕਿਸਾਨ S. Gurnam Singh

ਰੁਪਿੰਦਰ ਕੌਰ ਦੀ ਸਭ ਤੋਂ ਵੱਡੀ ਖੂਬੀ ਉਸਦੀ ਸਿਖਣ ਦੀ ਲਗਨ ਹੈ। ਉਹ ਮਾਹਿਰ ਸੰਸਥਾਵਾਂ ਨਾਲ ਜੁੜੀ ਰਹਿੰਦੀ ਹੈ ਅਤੇ ਹਰ ਨਵੀਂ ਤਕਨੀਕ ਨੂੰ ਅਪਣਾਉਂਦੀ ਹੈ। ਉਸਦੇ ਲਈ ਡੇਅਰੀ ਫਾਰਮਿੰਗ ਸਿਰਫ਼ ਰੋਜ਼ਗਾਰ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ - ਆਪਣੇ ਪਰਿਵਾਰ, ਆਪਣੇ ਪਿੰਡ ਅਤੇ ਆਪਣੇ ਸਮਾਜ ਲਈ ਕੁਝ ਕਰਨ ਦੀ ਜ਼ਿੰਮੇਵਾਰੀ।

ਅੱਜ ਰੁਪਿੰਦਰ ਕੌਰ ਦੇ ਡੇਅਰੀ ਫਾਰਮ ਦਾ ਦੁੱਧ ਦੂਰ-ਦੂਰ ਤੱਕ ਮਸ਼ਹੂਰ ਹੈ। ਲੋਕ ਖੁਦ ਉਸਦੇ ਕੋਲ ਆ ਕੇ ਦੁੱਧ ਖਰੀਦਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਸ ਵਿੱਚ ਸਿਰਫ਼ ਗੁਣਵੱਤਾ ਹੀ ਨਹੀਂ, ਸਗੋਂ ਇੱਕ ਮਹਿਲਾ ਦੀ ਮਿਹਨਤ ਅਤੇ ਇਮਾਨਦਾਰੀ ਦੀ ਖੁਸ਼ਬੂ ਵੀ ਹੈ। ਦਿਨ ਦਾ ਲਗਭਗ 3.5 ਕੁਇੰਟਲ ਦੁੱਧ ਉਤਪਾਦਨ ਕਰਦਿਆਂ ਉਹ ਮਹੀਨੇ ਦਾ 80 ਹਜ਼ਾਰ ਤੋਂ 1 ਲੱਖ ਰੁਪਏ ਤੱਕ ਕਮਾ ਰਹੀ ਹੈ। ਇਸਦੇ ਨਾਲ ਹੀ ਉਸਨੇ ਚਾਰ ਹੋਰ ਪਰਿਵਾਰਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣਾਇਆ ਹੈ।

ਪਰ ਇਸ ਕਹਾਣੀ ਦਾ ਸਭ ਤੋਂ ਸੁੰਦਰ ਪੱਖ ਇਹ ਹੈ ਕਿ ਰੁਪਿੰਦਰ ਕੌਰ ਨੇ ਇਹ ਸਿਰਫ਼ ਆਪਣੇ ਲਈ ਨਹੀਂ ਜਿੱਤਿਆ - ਉਸਨੇ ਉਹਨਾਂ ਸਾਰੀਆਂ ਮਹਿਲਾਵਾਂ ਲਈ ਰਾਹ ਬਣਾਇਆ ਹੈ ਜੋ ਆਪਣੇ ਸੁਪਨਿਆਂ ਨੂੰ ਦਬਾ ਕੇ ਜੀ ਰਹੀਆਂ ਹਨ। ਉਹ ਦੱਸਦੀ ਹੈ ਕਿ ਮਹਿਲਾਵਾਂ ਸਿਰਫ਼ ਘਰ ਦੀ ਚਾਰਦੀਵਾਰੀ ਤੱਕ ਸੀਮਿਤ ਨਹੀਂ, ਸਗੋਂ ਖੇਤੀਬਾੜੀ ਦੇ ਹਰ ਖੇਤਰ ਵਿੱਚ ਅਗਵਾਈ ਕਰ ਸਕਦੀਆਂ ਹਨ। ਉਹ ਖੇਤਾਂ ਵਿੱਚ ਮਿਹਨਤ ਕਰ ਸਕਦੀਆਂ ਹਨ, ਵਪਾਰ ਚਲਾ ਸਕਦੀਆਂ ਹਨ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ।

ਅੱਜ ਜਦੋਂ ਉਹ ਆਪਣੇ ਫਾਰਮ ਵਿੱਚ ਖੜੀ ਹੁੰਦੀ ਹੈ, ਤਾਂ ਉਸਦੀ ਅੱਖਾਂ ਵਿੱਚ ਸਿਰਫ਼ ਸੰਤੁਸ਼ਟੀ ਨਹੀਂ, ਸਗੋਂ ਇੱਕ ਮਾਣ ਹੁੰਦਾ ਹੈ - ਆਪਣੀ ਪਛਾਣ ਬਣਾਉਣ ਦਾ ਮਾਣ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮਾਣ। ਉਸਦੀ ਕਹਾਣੀ ਹਰ ਉਸ ਮਹਿਲਾ ਲਈ ਇੱਕ ਸੰਦੇਸ਼ ਹੈ ਜੋ ਆਪਣੇ ਅੰਦਰ ਇੱਕ ਸੁਪਨਾ ਰੱਖਦੀ ਹੈ - "ਡਰੋ ਨਾ, ਹਿੰਮਤ ਕਰੋ, ਮਿਹਨਤ ਕਰੋ… ਕਿਉਂਕਿ ਜੇ ਮਨ ਵਿੱਚ ਇਰਾਦਾ ਹੋਵੇ, ਤਾਂ ਕੋਈ ਵੀ ਰਾਹ ਮੁਸ਼ਕਲ ਨਹੀਂ ਹੁੰਦੀ।"

ਰੁਪਿੰਦਰ ਕੌਰ ਦਾ ਇਹ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਸਫਰ ਸਾਨੂੰ ਇਹ ਸਿਖਾਉਂਦਾ ਹੈ ਕਿ ਮਿੱਟੀ ਨਾਲ ਜੁੜੀ ਮਹਿਲਾ ਜਦੋਂ ਆਪਣੇ ਹੌਸਲੇ ਨਾਲ ਖੜ੍ਹੀ ਹੁੰਦੀ ਹੈ, ਤਾਂ ਉਹ ਸਿਰਫ਼ ਆਪਣੀ ਕਿਸਮਤ ਹੀ ਨਹੀਂ, ਸਗੋਂ ਸਮਾਜ ਦੀ ਸੋਚ ਵੀ ਬਦਲ ਸਕਦੀ ਹੈ। ਇਹ ਸਿਰਫ਼ ਇੱਕ ਕਹਾਣੀ ਨਹੀਂ, ਸਗੋਂ ਮਹਿਲਾ ਸ਼ਕਤੀ ਦੀ ਉਹ ਅਵਾਜ਼ ਹੈ ਜੋ ਅੱਜ ਖੇਤੀਬਾੜੀ ਦੇ ਹਰ ਕੋਨੇ ਵਿੱਚ ਗੂੰਜ ਰਹੀ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।

Summary in English: Success Story: Magnificent and Motivational Journey of Rupinder Kaur, An excellent example of women's empowerment

This story was reported by Krishi Jagran Punjabi.

Read the original article