Skip to main content
Back to News & Schemes

ਕਿਸਾਨ ਤੋਂ ਬਣੇ ਉਦਯੋਗਪਤੀ', ਦੇਖੋ Amritsar ਦੇ Manjit Singh Randhawa ਦੀ ਮਿਹਨਤ ਨੇ ਕਿਵੇਂ ਬਦਲੀ ਕਿਸਮਤ

Krishi Jagran Punjabi5 min read

ਅੱਜ ਮਨਜੀਤ ਸਿੰਘ ਰੰਧਾਵਾ ਸਿਰਫ ਇਕ ਕਿਸਾਨ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਇੱਕ ਜੀਉਂਦਾ ਜਾਗਦਾ ਸੁਪਨਾ ਹੈ। ਉਹ ਸਾਬਤ…

Success Story: ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਖੇਤਾਂ ਦੀ ਹਰੀਆਵਲ ਅਤੇ ਪਿੰਡਾਂ ਦੀ ਸਾਦਗੀ ਵਿੱਚੋਂ ਜਨਮੀ ਮਨਜੀਤ ਸਿੰਘ ਰੰਧਾਵਾ ਦੀ ਕਹਾਣੀ ਸਿਰਫ ਇੱਕ ਕਾਮਯਾਬ ਕਿਸਾਨ ਦੀ ਗਾਥਾ ਨਹੀਂ, ਸਗੋਂ ਇੱਕ ਅਜਿਹੇ ਨੌਜਵਾਨ ਦੀ ਜ਼ਿੰਦਗੀ ਦੀ ਕਿਤਾਬ ਹੈ, ਜਿਸਦੇ ਹਰ ਸਫ਼ੇ ‘ਤੇ ਸੁਪਨੇ, ਸੰਘਰਸ਼ ਅਤੇ ਹੌਂਸਲੇ ਦੀ ਲਿਖਤ ਹੈ।

ਅੰਮ੍ਰਿਤਸਰ ਦੇ ਪਿੰਡ ਰੂਪੋਵਾਲੀ ਕਲਾਂ ਦੀ ਮਿੱਟੀ ਵਿੱਚ ਪਲਿਆ ਇਹ ਜਵਾਨ ਆਪਣੇ ਨਾਲ ਉਹੀ ਸਾਦਗੀ ਅਤੇ ਸੱਚਾਈ ਲੈ ਕੇ ਵੱਡਾ ਹੋਇਆ, ਜੋ ਪੰਜਾਬ ਦੇ ਹਰ ਪਿੰਡ ਦੀ ਪਛਾਣ ਹੁੰਦੀ ਹੈ।

ਇੱਕ ਆਮ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ, ਉਸਨੇ ਆਪਣੇ ਸੁਪਨਿਆਂ ਨੂੰ ਕਦੇ ਵੀ ਛੋਟਾ ਨਹੀਂ ਹੋਣ ਦਿੱਤਾ। ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਸਦੇ ਦਿਲ ਵਿੱਚ ਇੱਕ ਅੱਗ ਸੀ, ਇੱਕ ਜਜ਼ਬਾ ਸੀ, ਜੋ ਉਸਨੂੰ ਹਰ ਮੁਸ਼ਕਲ ਦੇ ਸਾਹਮਣੇ ਖੜ੍ਹਾ ਕਰਦਾ ਰਿਹਾ।

ਮਨਜੀਤ ਦੇ ਪਿਤਾ, ਸਰਦਾਰ ਸਾਧੂ ਸਿੰਘ ਰੰਧਾਵਾ, 1980 ਤੋਂ ਮਧੂ ਮੱਖੀ ਪਾਲਣ ਨਾਲ ਜੁੜੇ ਹੋਏ ਸਨ। ਉਹ ਸਮਾਂ ਅਜਿਹਾ ਸੀ ਜਦੋਂ ਇਹ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਹੁੰਦੇ ਸਨ, ਪਰ ਸਾਧੂ ਸਿੰਘ ਜੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਹ ਸਿਰਫ ਇੱਕ ਕਿਸਾਨ ਨਹੀਂ ਸਨ, ਸਗੋਂ ਆਪਣੇ ਕੰਮ ਦੇ ਮਾਹਿਰ ਅਤੇ ਅਗੂ ਸਨ। ਪਰ ਜ਼ਿੰਦਗੀ ਦੇ ਇਸ ਰਸਤੇ ‘ਤੇ ਇੱਕ ਦਿਲਚਸਪ ਮੋੜ ਵੀ ਸੀ। ਦਰਅਸਲ, ਮਨਜੀਤ ਸਿੰਘ ਦਾ ਦਿਲ ਸ਼ੁਰੂ ਵਿੱਚ ਇਸ ਕੰਮ ਵੱਲ ਨਹੀਂ ਸੀ ਖਿੱਚਦਾ। ਉਹ ਸੋਚਦਾ ਸੀ ਕਿ ਪੜ੍ਹ-ਲਿਖ ਕੇ ਕੋਈ ਵੱਖਰਾ ਰਸਤਾ ਬਣਾਇਆ ਜਾਵੇ, ਕੋਈ ਅਜਿਹੀ ਪਛਾਣ ਬਣਾਈ ਜਾਵੇ, ਜੋ ਉਸਨੂੰ ਭੀੜ ਤੋਂ ਵੱਖਰਾ ਕਰ ਦੇਵੇ।

ਪਲੱਸ ਟੂ ਪਾਸ ਕਰਨ ਤੋਂ ਬਾਅਦ, ਮਨਜੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਮਨਾਇਆ ਅਤੇ ਚਿਤਕਾਰਾ ਕਾਲਜ, ਰਾਜਪੁਰਾ ਤੋਂ ਹੋਟਲ ਮੈਨੇਜਮੈਂਟ ਵਿੱਚ ਡਿਗਰੀ ਹਾਸਲ ਕੀਤੀ। ਇਹ ਸਮਾਂ ਉਸਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ ਸੀ, ਜਿੱਥੇ ਉਸਨੇ ਸਿਰਫ ਕਿਤਾਬਾਂ ਤੋਂ ਨਹੀਂ, ਸਗੋਂ ਜ਼ਿੰਦਗੀ ਤੋਂ ਸਿੱਖਿਆ ਲਈ। ਉੱਥੇ ਉਸਨੂੰ ਇਹ ਅਹਿਸਾਸ ਹੋਇਆ ਕਿ ਕਿਸੇ ਹੋਰ ਲਈ ਕੰਮ ਕਰਨ ਨਾਲੋਂ ਆਪਣੇ ਲਈ ਕੁਝ ਬਣਾਉਣਾ ਵਧੀਆ ਹੁੰਦਾ ਹੈ। ਇਹ ਸੋਚ ਉਸਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣਿਆ, ਜਿਸਨੇ ਉਸਦੇ ਅੰਦਰ ਇੱਕ ਨਵਾਂ ਵਿਸ਼ਵਾਸ ਜਗਾਇਆ।

ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ, ਮਨਜੀਤ ਨੇ ਆਪਣੇ ਵੱਡੇ ਭਰਾ ਨਾਲ ਮਿਲ ਕੇ ਖੇਤੀ ਵਿੱਚ ਹੱਥ ਵਟਾਉਣ ਦਾ ਫੈਸਲਾ ਕੀਤਾ। ਇੱਕ ਛੋਟੇ ਜ਼ਮੀਨੀ ਟੁਕੜੇ ‘ਤੇ ਉਸਨੇ ਹਲਦੀ ਦੀ ਖੇਤੀ ਸ਼ੁਰੂ ਕੀਤੀ। ਪਹਿਲੇ ਦੋ ਸਾਲਾਂ ਵਿੱਚ ਰੱਬ ਦੀ ਮਿਹਰ ਨਾਲ ਚੰਗਾ ਮੁਨਾਫਾ ਹੋਇਆ, ਜਿਸਨੇ ਉਸਦੀ ਉਮੀਦਾਂ ਨੂੰ ਹੋਰ ਮਜ਼ਬੂਤ ਕੀਤਾ। ਪਰ ਤੀਜੇ ਸਾਲ ਆਏ ਨੁਕਸਾਨ ਨੇ ਉਸਨੂੰ ਇੱਕ ਵੱਡਾ ਝਟਕਾ ਦਿੱਤਾ। ਇਹ ਸਮਾਂ ਉਸਦੀ ਜ਼ਿੰਦਗੀ ਦਾ ਸਭ ਤੋਂ ਔਖਾ ਪਲ ਸੀ, ਪਰ ਉਹ ਹਿੰਮਤ ਨਹੀਂ ਹਾਰਿਆ। ਉਸਨੇ ਇਸ ਨਾਕਾਮੀ ਨੂੰ ਹਾਰ ਨਹੀਂ, ਸਗੋਂ ਇੱਕ ਸਬਕ ਵਜੋਂ ਕਬੂਲ ਕੀਤਾ ਅਤੇ ਅੱਗੇ ਵਧਣ ਦਾ ਫੈਸਲਾ ਕੀਤਾ।

2014 ਵਿੱਚ, ਮਨਜੀਤ ਨੇ ਖਾਲਸਾ ਕਾਲਜ ਅੰਮ੍ਰਿਤਸਰ, KVK ਨਾਗਕਲਾਂ ਅਤੇ PAU ਲੁਧਿਆਣਾ ਤੋਂ ਮਧੂ ਮੱਖੀ ਪਾਲਣ ਦੀ ਸਿਖਲਾਈ ਲਈ। ਇਸ ਵਾਰ ਉਹ ਸਿਰਫ ਸਿੱਖਣ ਲਈ ਨਹੀਂ ਗਿਆ ਸੀ, ਸਗੋਂ ਆਪਣੇ ਭਵਿੱਖ ਨੂੰ ਨਵਾਂ ਰੂਪ ਦੇਣ ਲਈ ਗਿਆ ਸੀ। 2015 ਤੋਂ ਉਸਨੇ ਪੂਰੀ ਤਨ ਦੇਹੀ ਨਾਲ ਇਸ ਕੰਮ ਨੂੰ ਆਪਣਾ ਕਰੀਅਰ ਬਣਾ ਲਿਆ। ਉਸਦੀ ਸੋਚ ਵਿੱਚ ਨਵੀਂ ਤਾਜ਼ਗੀ ਸੀ, ਇੱਕ ਨਵਾਂ ਨਜ਼ਰੀਆ ਸੀ, ਜਿਸਨੇ ਉਸਨੂੰ ਹੋਰਾਂ ਤੋਂ ਵੱਖਰਾ ਕੀਤਾ।

ਮਨਜੀਤ ਸਿੰਘ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਰਾਜ ਉਸਦੀ ਸੋਚ ਵਿੱਚ ਲੁਕਿਆ ਸੀ। ਉਸਨੇ ਮੱਖੀਆਂ ਨੂੰ ਇੱਕ ਥਾਂ ‘ਤੇ ਰੱਖਣ ਦੀ ਬਜਾਏ ਉਹਨਾਂ ਨੂੰ ਵੱਖ-ਵੱਖ ਸੂਬਿਆਂ ਵਿੱਚ ਲਿਜਾਣਾ ਸ਼ੁਰੂ ਕੀਤਾ। ਪੰਜਾਬ ਤੋਂ ਲੈ ਕੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਤੱਕ ਉਸਨੇ ਆਪਣੀ ਮਿਹਨਤ ਦਾ ਸਫ਼ਰ ਤੈਅ ਕੀਤਾ। ਹਰ ਥਾਂ ਦੇ ਫੁੱਲਾਂ ਤੋਂ ਉਸਨੇ ਵੱਖ-ਵੱਖ ਸੁਆਦਾਂ ਵਾਲਾ ਸ਼ਹਿਦ ਤਿਆਰ ਕੀਤਾ, ਜਿਸ ਵਿੱਚ ਕੁਦਰਤ ਦੀ ਖੁਸ਼ਬੂ ਅਤੇ ਮਿਹਨਤ ਦੀ ਮਿੱਠਾਸ ਰਲੀ ਹੋਈ ਸੀ।

ਇਹ ਵੀ ਪੜੋ: Rupinder Kaur: ਮਿੱਟੀ ਨਾਲ ਜੁੜੀ ਇੱਕ ਮਹਿਲਾ ਦੀ ਸੰਘਰਸ਼ਮਈ ਕਹਾਣੀ, ਜੋ ਬਣੀ ਹਜ਼ਾਰਾਂ ਔਰਤਾਂ ਲਈ ਪ੍ਰੇਰਣਾ

2016 ਵਿੱਚ, ਜਦੋਂ ਉਸਨੇ ਪਹਿਲੀ ਵਾਰ ਅੰਮ੍ਰਿਤਸਰ ਤੋਂ ਚਿਤੌੜਗੜ੍ਹ ਤੱਕ ਮੱਖੀਆਂ ਨੂੰ ਅਜਵੈਨ ਦੇ ਫੁੱਲਾਂ ‘ਤੇ ਲਿਜਾਇਆ, ਉਹ ਸਿਰਫ ਇੱਕ ਸਫ਼ਰ ਨਹੀਂ ਸੀ - ਉਹ ਉਸਦੀ ਜ਼ਿੰਦਗੀ ਦਾ ਨਵਾਂ ਮੋੜ ਸੀ। ਇਸ ਫੈਸਲੇ ਨੇ ਉਸਦੀ ਕਿਸਮਤ ਬਦਲ ਦਿੱਤੀ ਅਤੇ ਉਸਦੀ ਮਿਹਨਤ ਨੂੰ ਨਵੀਂ ਪਛਾਣ ਮਿਲੀ। ਇਸ ਤੋਂ ਬਾਅਦ ਉਸਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।

ਸਮੇਂ ਦੇ ਨਾਲ, ਮਨਜੀਤ ਨੇ ਵੱਖ-ਵੱਖ ਕਿਸਮਾਂ ਦੇ ਸ਼ਹਿਦ ਤਿਆਰ ਕਰਨੇ ਸ਼ੁਰੂ ਕੀਤੇ - ਸਰ੍ਹੋਂ, ਅਜਵੈਨ, ਸੌਂਫ, ਕਿੱਕਰ, ਵਾਈਟ ਹਨੀ ਅਤੇ ਮਲਟੀਫਲੋਰਾ ਹਨੀ। ਉਹ ਆਪਣੇ ਉਤਪਾਦ ਨੂੰ ਖੁਦ ਪੈਕ ਕਰਦਾ ਅਤੇ ਮਾਰਕੀਟ ਵਿੱਚ ਲੈ ਕੇ ਜਾਂਦਾ ਸੀ। ਉਸਦੀ ਮਿਹਨਤ ਦੀ ਮਿੱਠਾਸ ਮੁੰਬਈ ਵਰਗੇ ਵੱਡੇ ਸ਼ਹਿਰਾਂ ਤੱਕ ਪਹੁੰਚੀ। 2017 ਵਿੱਚ ਮਿਲਿਆ ਇੱਕ ਵੱਡਾ ਆਰਡਰ ਉਸਦੇ ਕਾਰੋਬਾਰ ਲਈ ਇੱਕ ਨਵੀਂ ਉਡਾਣ ਸਾਬਤ ਹੋਇਆ।

ਲਾਕਡਾਊਨ ਤੋਂ ਬਾਅਦ ਵੀ ਉਸਦਾ ਹੌਸਲਾ ਨਹੀਂ ਟੁੱਟਿਆ। ਉਸਨੇ ਖਾਦੀ ਬੋਰਡ ਤੋਂ ਕਰਜ਼ਾ ਲੈ ਕੇ ਇੱਕ ਆਧੁਨਿਕ ਹਨੀ ਪ੍ਰੋਸੈਸਿੰਗ ਯੂਨਿਟ ਲਗਾਇਆ, ਜਿਸ ਨਾਲ ਉਸਦੇ ਕੰਮ ਨੂੰ ਹੋਰ ਰਫ਼ਤਾਰ ਮਿਲੀ। ਲਗਾਤਾਰ ਮਿਹਨਤ ਅਤੇ ਸਮਰਪਣ ਨਾਲ 2022 ਤੱਕ ਉਸਨੇ 1000 ਬਾਕਸਾਂ ਦਾ ਵੱਡਾ ਸੈੱਟਅੱਪ ਖੜਾ ਕਰ ਲਿਆ ਅਤੇ ਉੱਚ ਗੁਣਵੱਤਾ ਵਾਲਾ ਸ਼ਹਿਦ ਮਾਰਕਫੈਡ ਨੂੰ ਸਪਲਾਈ ਕਰਨਾ ਸ਼ੁਰੂ ਕੀਤਾ। ਉਸਦੀ ਮਿਹਨਤ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵੱਲੋਂ ਸਨਮਾਨਿਤ ਕੀਤਾ ਗਿਆ, ਅਤੇ ਹਾਲ ਹੀ ਵਿੱਚ ਉਸਨੂੰ MFOI 2025 ਵਰਗੇ ਮਾਣ-ਸਨਮਾਨ ਨਾਲ ਨਿਵਾਜਿਆ ਗਿਆ - ਇਹ ਉਸਦੀ ਲਗਨ ਦੀ ਸੱਚੀ ਕਦਰ ਹੈ।

ਅੱਜ ਮਨਜੀਤ ਸਿੰਘ ਰੰਧਾਵਾ ਸਿਰਫ ਇੱਕ ਸਫਲ ਬੀ ਬਰੀਡਰ ਨਹੀਂ, ਸਗੋਂ ਪੰਜਾਬ ਦੇ ਹਰੇਕ ਨੌਜਵਾਨ ਲਈ ਇੱਕ ਪ੍ਰੇਰਣਾ ਦਾ ਚਿਰਾਗ ਹੈ। ਉਸਦੀ ਕਹਾਣੀ ਦੱਸਦੀ ਹੈ ਕਿ ਜੇ ਦਿਲ ਵਿੱਚ ਚਾਹ ਹੋਵੇ, ਮਿਹਨਤ ਕਰਨ ਦਾ ਜਜ਼ਬਾ ਹੋਵੇ ਅਤੇ ਆਪਣੇ ਉੱਤੇ ਵਿਸ਼ਵਾਸ ਹੋਵੇ, ਤਾਂ ਕੋਈ ਵੀ ਸੁਪਨਾ ਦੂਰ ਨਹੀਂ ਰਹਿੰਦਾ। ਸੱਚਮੁੱਚ, ਜਿੱਥੇ ਚਾਹ ਹੁੰਦੀ ਹੈ, ਉੱਥੇ ਰਾਹ ਆਪਣੇ ਆਪ ਬਣ ਜਾਂਦੀ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।

Summary in English: Farmer turned entrepreneur, hard work changed the fate of Beekeeper Manjit Singh Randhawa of Amritsar

This story was reported by Krishi Jagran Punjabi.

Read the original article